Wednesday, April 28, 2010
Hao Vaaree Mukh...
ਆਸਾ ॥ ਕਰਵਤੁ ਭਲਾ ਨ ਕਰਵਟ ਤੇਰੀ ॥ ਲਾਗੁ ਗਲੇ ਸੁਨੁ ਬਿਨਤੀ ਮੇਰੀ ॥੧॥

Āsā. Karvaṯ bẖalā na karvat ṯerī. Lāg gale sun binṯī merī. 1
Asa. To be cut with the saw is better than that thou turnest thy back on me. Take me to thy bosom and hear my entreaty.

ਕਰਵਤੁ = {Skt. कर्वत्र} ਆਰਾ। ਕਰਵਟ = ਪਿੱਠ।੧।
ਦਾਤਾ! ਤੇਰੇ ਪਿੱਠ ਦੇਣ ਨਾਲੋਂ ਮੈਨੂੰ (ਸਰੀਰ ਉੱਤੇ) ਆਰਾ ਸਹਾਰ ਲੈਣਾ ਚੰਗਾ ਹੈ (ਭਾਵ, ਆਰੇ ਨਾਲ ਸਰੀਰ ਚਿਰਾਣ ਵਿਚ ਇਤਨੀ ਪੀੜ ਨਹੀਂ, ਜਿਤਨੀ ਤੇਰੀ ਮਿਹਰ ਦੀ ਨਿਗਾਹ ਤੋਂ ਵਾਂਜੇ ਰਹਿਣ ਵਿਚ ਹੈ); (ਹੇ ਸੱਜਣ ਪ੍ਰਭੂ!) ਮੇਰੀ ਅਰਜੋਈ ਸੁਣ, ਤੇ ਮੇਰੇ ਗਲ ਲੱਗ (ਭਾਵ, ਤੇਰੀ ਯਾਦ ਮੇਰੇ ਗਲ ਦਾ ਹਾਰ ਬਣੀ ਰਹੇ)।੧।

ਹਉ ਵਾਰੀ ਮੁਖੁ ਫੇਰਿ ਪਿਆਰੇ ॥ ਕਰਵਟੁ ਦੇ ਮੋ ਕਉ ਕਾਹੇ ਕਉ ਮਾਰੇ ॥੧॥ ਰਹਾਉ ॥

Ha▫o vārī mukẖ fer pi▫āre. Karvat ḏe mo ka▫o kāhe ka▫o māre. 1 rahā▫o.
I am a sacrifice unto thee. Turn thy face towards me, O my beloved. Why doest thou kill me by turning thy back on me?Pause

ਹਉ ਵਾਰੀ = ਮੈਂ ਤੈਥੋਂ ਸਦਕੇ। ਪਿਆਰੇ = ਹੇ ਪਿਆਰੇ ਪ੍ਰਭੂ।੧।ਰਹਾਉ।
ਹੇ ਪਿਆਰੇ ਪ੍ਰਭੂ! ਮੈਂ ਤੈਥੋਂ ਕੁਰਬਾਨ! ਮੇਰੇ ਵੱਲ ਤੱਕ; ਮੈਨੂੰ ਪਿੱਠ ਦੇ ਕੇ ਕਿਉਂ ਮਾਰ ਰਿਹਾ ਹੈਂ? (ਭਾਵ, ਜੇ ਤੂੰ ਮੇਰੇ ਉੱਤੇ ਮਿਹਰ ਦੀ ਨਜ਼ਰ ਨਾਹ ਕਰੇਂ, ਤਾਂ ਮੈਂ ਜੀਊ ਨਹੀਂ ਸਕਦਾ)।੧।ਰਹਾਉ।

ਜਉ ਤਨੁ ਚੀਰਹਿ ਅੰਗੁ ਨ ਮੋਰਉ ॥ ਪਿੰਡੁ ਪਰੈ ਤਉ ਪ੍ਰੀਤਿ ਨ ਤੋਰਉ ॥੨॥

Ja▫o ṯan cẖīrėh ang na mora▫o. Pind parai ṯa▫o parīṯ na ṯora▫o. 2
Even if thou cut my body, I shall not turn away my limb from thee. Even though my body falls, I shall not break my love with thee, even then.

ਅੰਗੁ = ਸਰੀਰ। ਨ ਮੋਰਉ = ਮੈਂ ਪਿਛਾਂਹ ਨਾਹ ਹਟਾਵਾਂਗਾ, ਮੈਂ ਨਹੀਂ ਮੋੜਾਂਗਾ। ਪਿੰਡੁ ਪਰੈ = ਜੇ ਮੇਰਾ ਸਰੀਰ ਢਹਿ ਭੀ ਪਏਗਾ, ਜੇ ਸਰੀਰ ਨਾਸ ਭੀ ਹੋ ਜਾਇਗਾ।੨।
ਹੇ ਪ੍ਰਭੂ! ਜੇ ਮੇਰਾ ਸਰੀਰ ਚੀਰ ਦੇਵੇਂ ਤਾਂ ਭੀ ਮੈਂ (ਇਸ ਨੂੰ ਬਚਾਣ ਦੀ ਖ਼ਾਤਰ) ਪਿਛਾਂਹ ਨਹੀਂ ਹਟਾਵਾਂਗਾ; ਇਹ ਸਰੀਰ ਨਾਸ ਹੋ ਜਾਣ ਤੇ ਭੀ ਮੈਂ ਤੇਰੇ ਨਾਲੋਂ ਪਿਆਰ ਨਹੀਂ ਤੋੜਨਾ।੨।

ਹਮ ਤੁਮ ਬੀਚੁ ਭਇਓ ਨਹੀ ਕੋਈ ॥ ਤੁਮਹਿ ਸੁ ਕੰਤ ਨਾਰਿ ਹਮ ਸੋਈ ॥੩॥

Ham ṯum bīcẖ bẖa▫i▫o nahī ko▫ī. Ŧumėh so kanṯ nār ham so▫ī. 3
Between me and thee, there is not another. Thou art the same Spouse and I the same wife.

ਬੀਚੁ = ਵਿੱਥ। ਤੁਮਹਿ = ਤੂੰ ਹੀ। ਸੋਈ = ਉਹੀ।੩।
ਹੇ ਪਿਆਰੇ! ਮੇਰੇ ਤੇਰੇ ਵਿਚ ਕੋਈ ਵਿੱਥ ਨਹੀਂ ਹੈ, ਤੂੰ ਉਹੀ ਪ੍ਰਭੂ-ਖਸਮ ਹੈਂ ਤੇ ਮੈਂ ਜੀਵ-ਇਸਤ੍ਰੀ ਤੇਰੀ ਨਾਰ ਹਾਂ।੩।

ਕਹਤੁ ਕਬੀਰੁ ਸੁਨਹੁ ਰੇ ਲੋਈ ॥ ਅਬ ਤੁਮਰੀ ਪਰਤੀਤਿ ਨ ਹੋਈ ॥੪॥੨॥੩੫॥

Kahaṯ Kabīr sunhu re lo▫ī. Ab ṯumrī parṯīṯ na ho▫ī. 4 2 35
Says Kabir, hear O Loi, my wife. Now, no reliance can be pleased in thee.

ਰੇ ਲੋਈ = ਹੇ ਲੋਕ! ਹੇ ਜਗਤ! ਹੇ ਦੁਨੀਆ ਦੇ ਮੋਹ!।੪।
(ਇਹ ਵਿੱਥ ਪੁਆਉਣ ਵਾਲਾ ਚੰਦਰਾ ਜਗਤ ਦਾ ਮੋਹ ਸੀ, ਸੋ,) ਕਬੀਰ ਆਖਦਾ ਹੈ-ਸੁਣ, ਹੇ ਜਗਤ! (ਹੇ ਜਗਤ ਦੇ ਮੋਹ!) ਹੁਣ ਕਦੇ ਮੈਂ ਤੇਰਾ ਇਤਬਾਰ ਨਹੀਂ ਕਰਾਂਗਾ (ਹੇ ਮੋਹ! ਹੁਣ ਮੈਂ ਤੇਰੇ ਜਾਲ ਵਿਚ ਨਹੀਂ ਫਸਾਂਗਾ, ਤੂੰ ਹੀ ਮੈਨੂੰ ਮੇਰੇ ਪਤੀ-ਪ੍ਰਭੂ ਤੋਂ ਵਿਛੋੜਦਾ ਹੈਂ)।੪।੨।੩੫। ❁ ਸ਼ਬਦ ਦਾ ਭਾਵ: ਜਗਤ ਦਾ ਮੋਹ ਜੀਵ ਨੂੰ ਪ੍ਰਭੂ ਨਾਲੋਂ ਵਿਛੋੜਦਾ ਹੈ, ਇਸ ਤੋਂ ਬਚਣ ਲਈ ਸਦਾ ਪ੍ਰਭੂ ਦੇ ਦਰ ਤੇ ਅਰਦਾਸ ਕਰਨੀ ਜ਼ਰੂਰੀ ਹੈ।੩੫। ❀ ਨੋਟ: ਇਸ ਸ਼ਬਦ ਦਾ ਅਰਥ ਕਰਨ ਲੱਗਿਆਂ ਵਿਦਵਾਨ ਸੱਜਣ ਆਮ ਤੌਰ ਤੇ ਇਕ ਅਜੀਬ ਜਿਹੀ ਕਹਾਣੀ ਇਉਂ ਲਿਖ ਰਹੇ ਹਨ: (੧) ਕਬੀਰ ਜੀ ਦੇ ਘਰੋਂ ਮਾਈ ਲੋਈ ਪਹਿਲਾਂ ਤਾਂ ਇਹਨਾਂ ਤਬਦੀਲੀਆਂ ਦੇ ਵਿਰੁਧ ਅੜੀ ਰਹੀ, ਫਿਰ ਖਿਮਾ ਮੰਗਦੀ ਹੈ, ਪਰ ਕਬੀਰ ਜੀ ਨਰਾਜ਼ ਹੀ ਰਹਿੰਦੇ ਹਨ ਤੇ ਕਹਿੰਦੇ ਹਨ ਕਿ ਹੁਣ ਤੇਰੇ ਉੱਤੇ ਇਤਬਾਰ ਨਹੀਂ ਰਿਹਾ। (੨) ਲੋਈ ਦੇ ਕਿਸੇ ਸੰਤ ਦੀ ਪ੍ਰਸ਼ਾਦ ਨਾਲ ਸੇਵਾ ਨ ਕਰਨ ਤੇ ਕਬੀਰ ਜੀ ਰੰਜ ਹੋ ਕੇ ਬਹਿ ਗਏ। ਲੋਈ ਨੇ ਇਹ ਬੇਨਤੀ ਕੀਤੀ; ਪਿਛਲੀਆਂ ਦੋ ਤੁਕਾਂ ਕਬੀਰ ਜੀ ਦੀਆਂ ਹਨ, ਬਾਕੀ ਲੋਈ ਜੀ ਦੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿੱਖ ਦੇ ਜੀਵਨ ਦੀ ਥੰਮ੍ਹੀ ਹੈ। ਇਹ ਐਸੇ ਆਤਮਕ ਵਲਵਲੇ ਹਨ, ਜੋ ਹਰੇਕ ਸਿੱਖ ਦੇ ਅੰਦਰ ਉੱਠਣੇ ਜ਼ਰੂਰੀ ਹਨ। ਇੱਥੇ ਕਿਸੇ ਐਸੀਆਂ ਹੋ ਬੀਤੀਆਂ ਗੱਲਾਂ ਦਾ ਜ਼ਿਕਰ ਨਹੀਂ, ਜੋ ਹੁਣ ਸਾਡੇ ਜੀਵਨ ਵਿਚ ਨਹੀਂ ਵਾਪਰ ਸਕਦੀਆਂ ਜਾਂ ਨਹੀਂ ਵਾਪਰਨੀਆਂ ਚਾਹੀਦੀਆਂ। ਬਾਣੀ ਵਿਚ ਜੀਵਨ ਦੇ ਉਹ ਤਰੰਗ ਤੇ ਉਹ ਨਿਯਮ ਦਿੱਤੇ ਹਨ, ਜੋ, ਜਦ ਤਕ ਜਗਤ ਬਣਿਆ ਰਹੇਗਾ ਇਨਸਾਨੀ ਜੀਵਨ ਉਤੇ ਢੁਕਦੇ ਰਹਿਣਗੇ, ਤੇ ਹਨੇਰੇ ਵਿਚ ਤੁਰਦੇ ਜੀਵਾਂ ਨੂੰ ਸਹੀ ਰਾਹ ਦੱਸਦੇ ਰਹਿਣਗੇ। ਜੇ ਕੋਈ ਸ਼ਬਦ ਐਸ ਵੇਲੇ ਮਨੁੱਖਾ-ਜੀਵਨ ਵਿਚ ਠੀਕ ਫਬਵਾਂ ਨਹੀਂ ਜਾਪਦਾ, ਤਾਂ ਉਸ ਦੇ ਅਰਥ ਕਰਨ ਵੇਲੇ ਕੋਈ ਬੀਤੀ ਕਹਾਣੀ ਜੋੜ ਕੇ ਘਰ ਪੂਰਾ ਨਹੀਂ ਕੀਤਾ ਜਾ ਸਕੇਗਾ। ਪੂਰਨ ਸ਼ਰਧਾ ਵਾਲੇ ਸਿੱਖ ਦੇ ਅੰਦਰ ਇਹ ਖ਼ਿਆਲ ਉੱਠਣਾ ਕੁਦਰਤੀ ਹੈ ਕਿ ਐਸ ਵੇਲੇ ਇਹ ਸ਼ਬਦ ਮੈਨੂੰ ਕੀਹ ਚਾਨਣ ਦੇ ਰਿਹਾ ਹੈ। ਇਸ ਉੱਪਰ-ਦਿੱਤੀ ਕਹਾਣੀ ਵਿਚੋਂ ਇੱਕੋ ਗੱਲ ਪਰਤੱਖ ਦਿੱਸਦੀ ਹੈ ਕਿ ਲੋਈ ਉੱਤੇ ਉਹਨਾਂ ਦੇ ਪਤੀ ਭਗਤ ਕਬੀਰ ਜੀ ਗੁੱਸੇ ਹੋ ਗਏ, ਮਾਈ ਲੋਈ ਨੇ ਮਨਾਣ ਲਈ ਬੜੇ ਤਰਲੇ ਲਏ, ਪਰ ਕਬੀਰ ਜੀ ਨਾਹ ਹੀ ਮੰਨੇ। ਘਰਾਂ ਵਿਚ, ਕਹਿੰਦੇ ਹਨ, ਭਾਂਡੇ ਭੀ ਠਹਿਕ ਪੈਂਦੇ ਹਨ; ਕੋਈ ਵਿਰਲਾ ਹੀ ਘਰ ਹੋਵੇਗਾ ਜਿੱਥੇ ਵਹੁਟੀ ਖਸਮ ਕਦੇ ਭੀ ਆਪੋ ਵਿਚ ਨਰਾਜ਼ ਨਾਹ ਹੁੰਦੇ ਹੋਣ। ਤਾਂ, ਕੀ ਇਸ ਸ਼ਬਦ ਨੇ ਇਹੀ ਸਾਡੀ ਅਗਵਾਈ ਕਰਨੀ ਹੈ, ਕਿ ਜੇ, ਇਕ ਵਾਰੀ ਵਹੁਟੀ ਉੱਤੇ ਗੁੱਸੇ ਹੋ ਪਏ, ਉਹ ਵਿਚਾਰੀ ਪਈ ਤਰਲੇ ਕਰੇ ਅਸਾਂ ਉਸ ਉੱਤੇ ਮੁੜ ਇਤਬਾਰ ਕਰਨਾ ਹੀ ਨਹੀਂ? ਤਾਂ ਫਿਰ, ਅਜਿਹੇ ਘਰਾਂ ਦੀ ਵੱਸੋਂ ਕਿਹੋ ਜਿਹੀ ਬਣ ਜਾਇਗੀ? ਸਿੱਖ ਧਰਮ ਦੇ ਇਤਿਹਾਸ ਵਿਚ ਅਜੇ ਤਕ ਕਿਤੇ ਇਹ ਗੱਲ ਲਿਖੀ ਨਹੀਂ ਮਿਲਦੀ ਕਿ ਸਤਿਗੁਰੂ ਜੀ ਨੇ ਮਾਈ ਲੋਈ ਨੂੰ ਭਗਤਾਂ ਦੀ ਸ਼੍ਰੇਣੀ ਵਿਚ ਸ਼ਾਮਲ ਕਰ ਲਿਆ ਸੀ। ਤਾਂ ਫਿਰ, ਮਾਈ ਲੋਈ ਦੀ ਕੋਈ ਕਵਿਤਾ ਬਾਣੀ ਦਾ ਦਰਜਾ ਨਹੀਂ ਰੱਖ ਸਕਦੀ ਸੀ। ਜਿਸ ਇਸਤ੍ਰੀ ਉੱਤੇ ਉਸ ਦਾ ਆਪਣਾ ਹੀ ਪਤੀ ਬੇਪ੍ਰਤੀਤੀ ਜ਼ਾਹਰ ਕਰ ਰਿਹਾ ਦੱਸਿਆ ਜਾਂਦਾ ਹੈ, ਉਸ ਦੇ ਲਫ਼ਜ਼ ਰੱਬੀ-ਜੋਤ ਦੇ ਖ਼ਜ਼ਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਹੀਂ ਸਨ ਹੋ ਸਕਦੇ। ਕਿਸੇ ਭੀ ਸ਼ਬਦ ਨੂੰ ਸਮਝਣ ਲਈ ਸਾਖੀਆਂ ਦਾ ਆਸਰਾ ਲੈਣਾ ਕਈ ਵਾਰੀ ਕੁਰਾਹੇ ਪਾ ਸਕਦਾ ਹੈ, ਜਿਵੇਂ ਕਿ ਇਸ ਸ਼ਬਦ ਬਾਰੇ ਪਰਤੱਖ ਦਿੱਸ ਰਿਹਾ ਹੈ। ਅਸਲ ਵਿਚ ਇੱਥੇ ਕੋਈ ਭੀ ਝਗੜਾ ਕਬੀਰ ਜੀ ਦਾ ਮਾਈ ਲੋਈ ਨਾਲ ਨਹੀਂ ਹੋ ਰਿਹਾ। ਕਬੀਰ ਜੀ ਨੇ ਲਫ਼ਜ਼ 'ਲੋਈ' ਹੋਰ ਭੀ ਕਈ ਸ਼ਬਦਾਂ ਵਿਚ ਵਰਤਿਆ ਹੈ, ਪਰ ਹਰ ਥਾਂ ਉਸ ਨੂੰ 'ਮਾਈ ਲੋਈ' ਸਮਝਣਾ ਭਾਰੀ ਭੁੱਲ ਹੈ। ਇਸ ਸ਼ਬਦ ਵਿਚ ਵਰਤਿਆ ਲਫ਼ਜ਼ 'ਲੋਈ' ਕਿਸੇ ਜ਼ਨਾਨੀ ਵਾਸਤੇ ਹੈ ਜਾਂ ਕਿਸੇ 'ਪੁਲਿੰਗ ਪਦਾਰਥ' ਬਾਰੇ, ਇਹ ਨਿਰਨਾ ਲਫ਼ਜ਼ 'ਰੇ' ਤੋਂ ਹੋ ਰਿਹਾ ਹੈ। 'ਰੇ' ਸਦਾ ਹੀ ਪੁਲਿੰਗ ਵਾਸਤੇ ਹੁੰਦਾ ਹੈ, ਤੇ, 'ਰੀ' ਇਸਤ੍ਰੀ-ਲਿੰਗ ਵਾਸਤੇ। ਜਿਵੇਂ: ਰੇ-ਪੁਲਿੰਗ ਵਾਸਤੇ: (੧) "ਰੇ ਨਰ ਗਰਭ ਕੁੰਡਲ ਜਬ ਆਛਤ.....॥ " (੨) "ਕਾਹੇ ਰੇ ਨਰ ਗਰਬੁ ਕਰਤੁ ਹਹੁ.....॥" (੩) "ਰੇ ਨਰ ਕਾਹੇ ਪਪੋਰਹੁ ਦੇਹੀ.....॥" (੪) "ਕਹਤ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ। ਕਿਆ ਕਾਂਸੀ ਕਿਆ ਊਖਰੁ ਮਗਹਰੁ ਰਾਮੁ ਰਿਦੈ ਜਉ ਹੋਈ।" (ਧਨਾਸਰੀ ਕਬੀਰ ਜੀ)। (੫) "ਲੰਕਾ ਸਾ ਕੋਟੁ ਸਮੁੰਦ ਸੀ ਖਾਈ......॥ ਕਹਤ ਕਬੀਰ ਸੁਨਹੁ ਰੇ ਲੋਈ। ਰਾਮ ਨਾਮ ਬਿਨੁ ਮੁਕਤਿ ਨ ਹੋਈ।੫।੮।" (ਆਸਾ)। 'ਰੀ'-ਇਸਤ੍ਰੀ-ਵਾਸਤੇ: (੧) ਰਹੁ ਰਹੁ ਰੀ ਬਹੁਰੀਆ ਘੂੰਘਟੁ ਜਿਨਿ ਕਾਢੈ.....॥੩੪। (ਆਸਾ ਕਬੀਰ ਜੀ)। (੨) ਗਾਉ ਗਾਉ ਰੀ ਦੁਲਹਨੀ ਮੰਗਲਚਾਰਾ.....॥੨।੪। (ਆਸਾ ਕਬੀਰ ਜੀ)। (੩) ਅਰੀ ਬਾਈ ਗੋਬਿੰਦ ਨਾਮੁ ਮਤਿ ਬੀਸਰੈ.....॥੨। (ਗੂਜਰੀ ਤ੍ਰਿਲੋਚਨ ਜੀ)। (੪) ਰੀ ਬਾਈ ਬੇਢੀ ਦੇਣੁ ਨਾ ਜਾਈ.....॥ (ਸੋਰਠਿ ਨਾਮਦੇਵ ਜੀ)। ਸਤਿਗੁਰੂ ਨਾਨਕ ਦੇਵ ਜੀ ਨੇ ਭੀ ਲਫ਼ਜ਼ 'ਲੋਈ' ਆਪਣੀ ਬਾਣੀ ਵਿਚ ਵਰਤਿਆ ਹੈ, ਤੇ ਇਸ ਦਾ ਅਰਥ ਹੈ 'ਜਗਤ'; ਜੋ ਦੀਸੈ ਸੋ ਆਪੇ ਆਪਿ ॥ ਆਪਿ ਉਪਾਇ ਆਪੇ ਘਟ ਥਾਪਿ ॥ ਆਪਿ ਅਗੋਚਰੁ ਧੰਧੈ "ਲੋਈ" ॥ ਜੋਗ ਜੁਗਤਿ ਜਗਜੀਵਨੁ ਸੋਈ ॥੧੫॥ ਲੋਈ-ਜਗਤ। (ਰਾਮਕਲੀ ਮਹਲਾ ੧ ਦੱਖਣੀ, ਓਅੰਕਾਰ)।

 
Ang. Sahib 484
Photo courtesy : Mary Ann

Labels: ,

 
Posted by Unknown at 11:59 PM | Permalink |


0 comments:


Page copy protected against web site content infringement by Copyscape
Creative Commons License
This work by http://puneetkaur.blogspot.com is licensed under a Creative Commons Attribution-NonCommercial-NoDerivs 2.5 India License.

visitor counter