Friday, July 20, 2007
Jaag Salonareeye Boleh Gurbani Ram...
ਬਿਲਾਵਲੁ ਮਹਲਾ ੧ ॥ ਮੈ ਮਨਿ ਚਾਉ ਘਣਾ ਸਾਚਿ ਵਿਗਾਸੀ ਰਾਮ ॥ ਮੋਹੀ ਪ੍ਰੇਮ ਪਿਰੇ ਪ੍ਰਭਿ ਅਬਿਨਾਸੀ ਰਾਮ ॥ ਅਵਿਗਤੋ ਹਰਿ ਨਾਥੁ ਨਾਥਹ ਤਿਸੈ ਭਾਵੈ ਸੋ ਥੀਐ ॥ ਕਿਰਪਾਲੁ ਸਦਾ ਦਇਆਲੁ ਦਾਤਾ ਜੀਆ ਅੰਦਰਿ ਤੂੰ ਜੀਐ ॥ ਮੈ ਅਵਰੁ ਗਿਆਨੁ ਨ ਧਿਆਨੁ ਪੂਜਾ ਹਰਿ ਨਾਮੁ ਅੰਤਰਿ ਵਸਿ ਰਹੇ ॥ ਭੇਖੁ ਭਵਨੀ ਹਠੁ ਨ ਜਾਨਾ ਨਾਨਕਾ ਸਚੁ ਗਹਿ ਰਹੇ ॥੧॥
ਪਦਅਰਥ: ਮੈ ਮਨਿ—ਮੇਰੇ ਮਨ ਵਿਚ। ਘਣਾ—ਬਹੁਤ। ਸਾਚਿ—ਸਦਾ-ਥਿਰ ਹਰਿ—ਨਾਮ ਵਿਚ (ਟਿਕ ਕੇ)। ਵਿਗਾਸੀ—ਮੈਂ ਖਿੜ ਰਹੀ ਹਾਂ, ਮੇਰਾ ਮਨ ਖਿੜਿਆ ਰਹਿੰਦਾ ਹੈ। ਪਿਰੇ—ਪਿਰਿ, ਪਿਰ ਨੇ। ਪ੍ਰਭਿ—ਪ੍ਰਭੂ ਨੇ। ਅਵਿਗਤੋ— ਅਦ੍ਰਿਸ਼ਟ। ਨਾਥੁ ਨਾਥਹ—ਨਾਥਾਂ ਦਾ ਨਾਥ। ਤਿਸੈ—ਉਸ (ਪ੍ਰਭੂ) ਨੂੰ ਹੀ। ਥੀਐ—ਹੁੰਦਾ ਹੈ। ਜੀਐ—ਜਿੰਦ ਦੇਣ ਵਾਲਾ। ਅਵਰੁ—ਹੋਰ। ਗਿਆਨੁ—ਧਰਮ—ਚਰਚਾ। ਧਿਆਨੁ—ਸਮਾਧੀ ਆਦਿਕ ਦਾ ਉੱਦਮ। ਭਵਨੀ—ਤੀਰਥ—ਜਾਤ੍ਰਾ। ਹਠੁ—ਹਠ (ਦੇ ਆਸਰੇ ਕੀਤੇ) ਯੋਗ—ਆਸਣ। ਸਚੁ—ਸਦਾ-ਥਿਰ ਰਹਿਣ ਵਾਲਾ ਪਰਮਾਤਮਾ।੧।

ਅਰਥ: ਹੇ ਸਹੇਲੀਏ! ਅਬਿਨਾਸ਼ੀ ਪਿਆਰੇ ਪ੍ਰਭੂ ਨੇ (ਮੇਰੇ ਮਨ ਨੂੰ ਆਪਣੇ) ਪ੍ਰੇਮ (ਦੀ ਖਿੱਚ ਨਾਲ) ਮਸਤ ਕਰ ਰੱਖਿਆ ਹੈ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੇ ਨਾਮ) ਵਿਚ (ਟਿਕ ਕੇ) ਮੇਰਾ ਮਨ ਖਿੜਿਆ ਰਹਿੰਦਾ ਹੈ, ਮੇਰੇ ਮਨ ਵਿਚ ਬਹੁਤ ਚਾਉ ਬਣਿਆ ਰਹਿੰਦਾ ਹੈ। ਹੇ ਸਹੇਲੀਏ! ਉਹ ਪਰਮਾਤਮਾ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ, ਪਰ ਉਹ ਪਰਮਾਤਮਾ (ਵੱਡੇ ਵੱਡੇ) ਨਾਥਾਂ ਦਾ (ਭੀ) ਨਾਥ ਹੈ, (ਜਗਤ ਵਿਚ) ਉਹ ਹੀ ਹੁੰਦਾ ਹੈ, ਜੋ ਉਸ ਪਰਮਾਤਮਾ ਨੂੰ ਹੀ ਚੰਗਾ ਲੱਗਦਾ ਹੈ।
ਹੇ ਪ੍ਰਭੂ! ਤੂੰ ਮਿਹਰ ਦਾ ਸਮੁੰਦਰ ਹੈਂ, ਤੂੰ ਸਦਾ ਹੀ ਦਇਆ ਦਾ ਸੋਮਾ ਹੈਂ, ਤੂੰ ਹੀ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਸਭ ਜੀਵਾਂ ਦੇ ਅੰਦਰ
ਜਿੰਦ ਹੈਂ।
ਹੇ ਸਹੇਲੀਏ! (ਮੇਰੇ) ਮਨ ਵਿਚ ਪਰਮਾਤਮਾ ਦਾ ਨਾਮ ਵੱਸ ਰਿਹਾ ਹੈ (ਇਸ ਹਰਿ-ਨਾਮ ਦੇ ਬਰਾਬਰ ਦੀ) ਮੈਨੂੰ ਕੋਈ ਧਰਮ-ਚਰਚਾ, ਕੋਈ ਸਮਾਧੀ, ਕੋਈ ਦੇਵ-ਪੂਜਾ ਨਹੀਂ ਸੁੱਝਦੀ। ਹੇ ਨਾਨਕ! (ਆਖ-ਹੇ ਸਹੇਲੀਏ!) ਮੈਂ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਨੂੰ (ਆਪਣੇ ਹਿਰਦੇ ਵਿਚ) ਪੱਕੀ ਤਰ੍ਹਾਂ ਟਿਕਾ ਲਿਆ ਹੈ (ਇਸ ਦੇ ਬਰਾਬਰ ਦਾ) ਮੈਂ ਕੋਈ ਭੇਖ, ਕੋਈ ਤੀਰਥ-ਰਟਨ, ਕੋਈ ਹਠ-ਜੋਗ ਨਹੀਂ ਸਮਝਦੀ।੧।॥
ਭਿੰਨੜੀ ਰੈਣਿ ਭਲੀ ਦਿਨਸ ਸੁਹਾਏ ਰਾਮ ॥ ਨਿਜ ਘਰਿ ਸੂਤੜੀਏ ਪਿਰਮੁ ਜਗਾਏ ਰਾਮ ॥ ਨਵ ਹਾਣਿ ਨਵ ਧਨ ਸਬਦਿ ਜਾਗੀ ਆਪਣੇ ਪਿਰ ਭਾਣੀਆ ॥ ਤਜਿ ਕੂੜੁ ਕਪਟੁ ਸੁਭਾਉ ਦੂਜਾ ਚਾਕਰੀ ਲੋਕਾਣੀਆ ॥ ਮੈ ਨਾਮੁ ਹਰਿ ਕਾ ਹਾਰੁ ਕੰਠੇ ਸਾਚ ਸਬਦੁ ਨੀਸਾਣਿਆ ॥ ਕਰ ਜੋੜਿ ਨਾਨਕੁ ਸਾਚੁ ਮਾਗੈ ਨਦਰਿ ਕਰਿ ਤੁਧੁ ਭਾਣਿਆ ॥੨॥
ਪਦਅਰਥ: ਭਿੰਨੜੀ—(ਹਰਿ—ਨਾਮ ਦੇ ਰਸ ਨਾਲ) ਭਿੱਜੀ ਹੋਈ (ਜੀਵ—ਇਸਤ੍ਰੀ) ਨੂੰ। ਰੈਣਿ—ਰਾਤ। ਸੁਹਾਏ—ਸੁਹਾਵਣੇ, ਸੁਖ ਦੇਣ ਵਾਲੇ। ਨਿਜ ਘਰਿ—ਆਪਣੇ ਘਰ ਵਿਚ, ਆਪਣੇ ਆਪ ਵਿਚ। ਸੂਤੜੀਏ—ਸੁੱਤੀ ਜੀਵ—ਇਸਤ੍ਰੀਏ! ਹਰਿ—ਨਾਮ ਵਲੋਂ ਬੇ—ਪਰਵਾਹ ਹੋ ਰਹੀ ਜੀਵ—ਇਸਤ੍ਰੀਏ! ਪਿਰਮੁ—ਪ੍ਰਭੂ ਦਾ ਪ੍ਰੁੇਮ। ਜਗਾਏ—(ਮਾਇਆ ਦੇ ਮੋਹ ਤੋਂ) ਸੁਚੇਤ ਕਰਦਾ ਹੈ। ਹਾਣਿ— ਸਾਲ, ਵਰ੍ਹਾ। ਨਵ ਹਾਣਿ—ਨਵੀਂ ਉਮਰ ਵਾਲੀ, ਵਿਕਾਰਾਂ ਤੋਂ ਬਚੀ ਹੋਈ। ਧਨ—ਜੀਵ—ਇਸਤ੍ਰੀ। ਨਵ—ਨਵੀਂ। ਸਬਦਿ—ਗੁਰੂ ਦੇ ਸ਼ਬਦ ਦੀ ਰਾਹੀਂ। ਜਾਗੀ—(ਮਾਇਆ ਦੇ ਮੋਹ ਤੋਂ) ਸੁਚੇਤ ਹੁੰਦੀ ਹੈ। ਪਿਰ ਭਾਣੀਆ—ਪ੍ਰਭੂ ਨੂੰ ਪਿਆਰੀ ਲੱਗਦੀ ਹੈ। ਤਜਿ—ਤਿਆਗ ਕੇ। ਕੂੜੁ—ਝੂਠ, ਨਾਸਵੰਤ ਪਦਾਰਥਾਂ ਦਾ ਮੋਹ। ਸੁਭਾਉ ਦੂਜਾ—ਪ੍ਰਭੂ ਨੂੰ ਛੱਡ ਕੇ ਹੋਰ ਨਾਲ ਪਿਆਰ ਪਾਈ ਰੱਖਣ ਵਾਲੀ ਆਦਤ। ਲੋਕਾਣੀਆ—ਲੋਕਾਂ ਦੀ। ਚਾਕਰੀ—ਖ਼ੁਸ਼ਾਮਦ, ਮੁਥਾਜੀ। ਕੰਠੇ—ਗਲੇ ਵਿਚ। ਸਾਚ ਸਬਦੁ—ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ। ਨੀਸਾਣਿਆ—ਪਰਵਾਨਾ, ਰਾਹਦਾਰੀ, ਜ਼ਿੰਦਗੀ ਦੀ ਅਗਵਾਈ ਕਰਨ ਵਾਲਾ ਪਰਵਾਨਾ। ਕਰ—ਹੱਥ। ਸਾਚੁ—ਸਦਾ-ਥਿਰ ਹਰਿ—ਨਾਮ। ਨਦਰਿ—ਮਿਹਰ ਦੀ ਨਿਗਾਹ। ਤੁਧੁ ਭਾਣਿਆ—ਜੇ ਤੈਨੂੰ ਚੰਗਾ ਲੱਗੇ।੨।
ਅਰਥ: ਹੇ ਆਪਣੇ ਆਪ ਵਿਚ ਹੀ ਮਸਤ ਰਹਿਣ ਵਾਲੀ ਜੀਵ-ਇਸਤ੍ਰੀਏ! (ਵੇਖ, ਜਿਸ ਜੀਵ-ਇਸਤ੍ਰੀ ਨੂੰ) ਪਰਮਾਤਮਾ ਦਾ ਪਿਆਰ (ਮਾਇਆ ਦੇ ਮੋਹ ਤੋਂ) ਸੁਚੇਤ ਕਰਦਾ ਹੈ, ਜਿਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਮਾਇਆ ਦੇ ਮੋਹ ਤੋਂ) ਸੁਚੇਤ ਹੁੰਦੀ ਹੈ, ਉਹ ਜੀਵ-ਇਸਤ੍ਰੀ ਵਿਕਾਰਾਂ ਤੋਂ ਬਚੀ ਰਹਿੰਦੀ ਹੈ, ਹਰਿ-ਨਾਮ-ਰਸ ਵਿਚ ਭਿੱਜੀ ਹੋਈ ਉਸ ਜੀਵ-ਇਸਤ੍ਰੀ ਨੂੰ (ਜ਼ਿੰਦਗੀ ਦੀਆਂ) ਰਾਤਾਂ ਤੇ ਦਿਨ ਸਭ ਸੁਹਾਵਣੇ ਲੱਗਦੇ ਹਨ। ਉਹ ਜੀਵ-ਇਸਤ੍ਰੀ ਨਾਸਵੰਤ ਪਦਾਰਥਾਂ ਦਾ ਮੋਹ, ਠੱਗੀ-ਫ਼ਰੇਬ, ਮਾਇਆ ਨਾਲ ਪਿਆਰ ਪਾਈ ਰੱਖਣ ਵਾਲੀ ਆਦਤ, ਅਤੇ ਲੋਕਾਂ ਦੀ ਮੁਥਾਜੀ ਛੱਡ ਕੇ ਆਪਣੇ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ।
ਹੇ ਸਹੇਲੀਏ! (ਜਿਵੇਂ) ਗਲ ਵਿਚ ਹਾਰ (ਪਾਈਦਾ ਹੈ, ਤਿਵੇਂ) ਪਰਮਾਤਮਾ ਦਾ ਨਾਮ ਮੈਂ (ਆਪਣੇ ਗਲੇ ਵਿਚ ਪ੍ਰੋ ਲਿਆ ਹੈ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ (ਮੇਰੀ ਜ਼ਿੰਦਗੀ ਦੀ ਅਗਵਾਈ ਕਰਨ ਵਾਲਾ) ਪਰਵਾਨਾ ਹੈ। ਨਾਨਕ (ਦੋਵੇਂ) ਹੱਥ ਜੋੜ ਕੇ (ਪਰਮਾਤਮਾ ਦੇ ਦਰ ਤੋਂ ਉਸ ਦਾ) ਸਦਾ-ਥਿਰ ਰਹਿਣ ਵਾਲਾ ਨਾਮ ਮੰਗਦਾ ਰਹਿੰਦਾ ਹੈ (ਅਤੇ ਆਖਦਾ ਹੈ-ਹੇ ਪ੍ਰਭੂ!) ਜੇ ਤੈਨੂੰ ਚੰਗਾ ਲੱਗੇ (ਤਾਂ ਮੇਰੇ ਉੱਤੇ) ਮਿਹਰ ਦੀ ਨਿਗਾਹ ਕਰ (ਮੈਨੂੰ ਆਪਣਾ ਨਾਮ ਦੇਹ)।੨।

ਜਾਗੁ ਸਲੋਨੜੀਏ ਬੋਲੈ ਗੁਰਬਾਣੀ ਰਾਮ ॥ ਜਿਨਿ ਸੁਣਿ ਮੰਨਿਅੜੀ ਅਕਥ ਕਹਾਣੀ ਰਾਮ ॥ ਅਕਥ ਕਹਾਣੀ ਪਦੁ ਨਿਰਬਾਣੀ ਕੋ ਵਿਰਲਾ ਗੁਰਮੁਖਿ ਬੂਝਏ ॥ ਓਹੁ ਸਬਦਿ ਸਮਾਏ ਆਪੁ ਗਵਾਏ ਤ੍ਰਿਭਵਣ ਸੋਝੀ ਸੂਝਏ ॥ ਰਹੈ ਅਤੀਤੁ ਅਪਰੰਪਰਿ ਰਾਤਾ ਸਾਚੁ ਮਨਿ ਗੁਣ ਸਾਰਿਆ ॥ ਓਹੁ ਪੂਰਿ ਰਹਿਆ ਸਰਬ ਠਾਈ ਨਾਨਕਾ ਉਰਿ ਧਾਰਿਆ ॥੩॥
ਪਦਅਰਥ: ਜਾਗੁ—(ਮਾਇਆ ਦੇ ਹੱਲਿਆਂ ਵਲੋਂ) ਸਾਵਧਾਨ ਰਹੁ। ਲੋਇਣ—ਅੱਖਾਂ। ਸਲੋਨੜੀਏ—ਹੇ ਸੋਹਣੇ ਨੇਤ੍ਰਾਂ ਵਾਲੀ ਜੀਵ—ਇਸਤ੍ਰੀਏ! ਬੋਲੈ—ਬੋਲਦੀ ਹੈ, ਜਗਾਂਦੀ ਹੈ, ਸਾਵਧਾਨ ਕਰਦੀ ਹੈ। ਜਿਨਿ—ਜਿਸ ਨੇ। ਸੁਣਿ—ਸੁਣ ਕੇ। ਅਕਥ ਕਹਾਣੀ—ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ। ਅਕਥ—ਅ—ਕੱਥ, ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਪਦੁ—ਆਤਮਕ ਦਰਜਾ। ਨਿਰਬਾਣ—ਵਾਸਨਾ—ਰਹਿਤ। ਕੋ—ਕੋਈ। ਗੁਰਮੁਖਿ—ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਬੂਝਏ—ਬੂਝੈ, ਸਮਝਦਾ ਹੈ। ਸਬਦਿ—ਗੁਰੂ ਦੇ ਸ਼ਬਦ ਵਿਚ। ਆਪੁ—ਆਪਾ—ਭਾਵ। ਤ੍ਰਿਭਵਣ ਸੋਝੀ—ਸਾਰੇ ਜਗਤ ਵਿਚ ਵਿਆਪਕ ਪ੍ਰਭੂ ਦੀ ਸੂਝ। ਅਤੀਤੁ—ਵਿਰਕਤ, ਮਾਇਆ ਦੇ ਮੋਹ ਤੋਂ ਪਰੇ। ਅਪਰੰਪਰਿ—ਪਰੇ ਤੋਂ ਪਰੇ ਪ੍ਰਭੂ ਵਿਚ, ਬੇਅੰਤ ਪ੍ਰਭੂ ਵਿਚ। ਰਾਤਾ—ਮਸਤ। ਸਾਚੁ—ਸਦਾ-ਥਿਰ ਪ੍ਰਭੂ। ਮਨਿ—ਮਨ ਵਿਚ। ਸਾਰਿਆ—ਸੰਭਾਲਦਾ ਹੈ। ਓਹੁ—ਉਹ (ਅਪਰੰਪਰ ਪ੍ਰਭੂ। ਸਰਬ ਠਾਈ—ਸਭਨੀਂ ਥਾਈਂ। ਉਰਿ—ਹਿਰਦੇ ਵਿਚ।੩।
ਅਰਥ: ਹੇ ਸੋਹਣੇ ਨੇਤ੍ਰਾਂ ਵਾਲੀ ਜੀਵ-ਇਸਤ੍ਰੀਏ! (ਮਾਇਆ ਦੇ ਹੱਲਿਆਂ ਵਲੋਂ) ਸਾਵਧਾਨ ਰਹੁ, (ਤੈਨੂੰ) ਗੁਰੂ ਦੀ ਬਾਣੀ ਜਗਾ ਰਹੀ ਹੈ। ਜਿਸ (ਜੀਵ-ਇਸਤ੍ਰੀ) ਨੇ (ਗੁਰੂ ਦੀ ਬਾਣੀ) ਸੁਣ ਕੇ (ਉਸ ਵਿਚ) ਸਰਧਾ ਬਣਾਈ ਹੈ, ਉਹ ਅਕੱਥ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦੀ ਹੈ। ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਰਕਤ ਨਾਲ ਉਹ ਉਸ ਆਤਮਕ ਦਰਜੇ ਤੇ ਪਹੁੰਚ ਜਾਂਦੀ ਹੈ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ।
ਪਰ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ ਇਹ ਗੱਲ ਸਮਝਦਾ ਹੈ, ਉਹ (ਗੁਰਮੁਖ) ਮਨੁੱਖ ਗੁਰੂ ਦੇ ਸਬਦ ਵਿਚ ਲੀਨ ਰਹਿੰਦਾ ਹੈ, (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲੈਂਦਾ ਹੈ, ਜਗਤ ਵਿਚ ਵਿਆਪਕ ਪਰਮਾਤਮਾ ਨਾਲ ਉਸ ਦੀ ਡੂੰਘੀ ਸਾਂਝ ਹੋ ਜਾਂਦੀ ਹੈ। ਉਹ ਮਨੁੱਖ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ, ਬੇਅੰਤ ਪ੍ਰਭੂ (ਦੇ ਪ੍ਰੇਮ) ਵਿਚ ਮਸਤ ਰਹਿੰਦਾ ਹੈ, ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਹਰ ਵੇਲੇ ਉਸ ਦੇ) ਮਨ ਵਿਚ (ਵੱਸਿਆ ਰਹਿੰਦਾ ਹੈ), ਉਹ (ਪਰਮਾਤਮਾ ਦੇ) ਗੁਣਾਂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ। ਹੇ ਨਾਨਕ! ਉਹ ਮਨੁੱਖ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ ਜਿਹੜਾ ਸਭਨੀਂ ਥਾਈਂ ਵਿਆਪਕ ਹੋ ਰਿਹਾ ਹੈ।੩।
ਮਹਲਿ ਬੁਲਾਇੜੀਏ ਭਗਤਿ ਸਨੇਹੀ ਰਾਮ ॥ ਗੁਰਮਤਿ ਮਨਿ ਰਹਸੀ ਸੀਝਸਿ ਦੇਹੀ ਰਾਮ ॥ ਮਨੁ ਮਾਰਿ ਰੀਝੈ ਸਬਦਿ ਸੀਝੈ ਤ੍ਰੈ ਲੋਕ ਨਾਥੁ ਪਛਾਣਏ ॥ ਮਨੁ ਡੀਗਿ ਡੋਲਿ ਨ ਜਾਇ ਕਤ ਹੀ ਆਪਣਾ ਪਿਰੁ ਜਾਣਏ ॥ ਮੈ ਆਧਾਰੁ ਤੇਰਾ ਤੂ ਖਸਮੁ ਮੇਰਾ ਮੈ ਤਾਣੁ ਤਕੀਆ ਤੇਰਓ ॥ ਸਾਚਿ ਸੂਚਾ ਸਦਾ ਨਾਨਕ ਗੁਰ ਸਬਦਿ ਝਗਰੁ ਨਿਬੇਰਓ ॥੪॥੨॥
ਪਦਅਰਥ: ਮਹਲਿ—ਮਹੱਲ ਵਿਚ, ਪ੍ਰਭੂ ਦੇ ਚਰਨਾਂ ਵਿਚ, ਪ੍ਰਭੂ—ਦਰ ਤੇ। ਬੁਲਾਇੜੀਏ—ਹੇ ਸੱਦੀ ਹੋਈ ਜੀਵ—ਇਸਤ੍ਰੀਏ! ਮਹਲਿ ਬੁਲਾਇੜੀਏ—ਹੇ ਪ੍ਰਭੂ—ਦਰ ਤੇ ਪਹੁੰਚੀ ਹੋਈ ਜੀਵ—ਇਸਤ੍ਰੀਏ! ਸਨੇਹੀ—ਪਿਆਰ ਕਰਨ ਵਾਲਾ। ਭਗਤਿ ਸਨੇਹੀ—ਭਗਤੀ ਨਾਲ ਪਿਆਰ ਕਰਨ ਵਾਲਾ। ਮਨਿ—ਮਨ ਵਿਚ। ਰਹਸੀ—ਪ੍ਰਸੰਨ। ਸੀਝਸਿ—ਸਫਲ ਹੋ ਜਾਂਦੀ ਹੈ। ਦੇਹੀ—ਕਾਇਆਂ, ਸਰੀਰ। ਮਾਰਿ—ਮਾਰ ਕੇ, ਵੱਸ ਵਿਚ ਲਿਆ ਕੇ। ਰੀਝੈ—ਖ਼ੁਸ਼ ਹੁੰਦੀ ਹੈ, ਆਤਮਕ ਆਨੰਦ ਹਾਸਲ ਕਰਦੀ ਹੈ। ਸਬਦਿ—ਸ਼ਬਦ ਦੀ ਰਾਹੀਂ। ਸੀਝੈ—ਕਾਮਯਾਬ ਹੁੰਦੀ ਹੈ। ਪਛਾਣਏ—ਪਛਾਣੈ, ਪਛਾਣਦੀ ਹੈ, ਸਾਂਝ ਪਾਂਦੀ ਹੈ। ਡੀਗਿ—ਡਿੱਗ ਕੇ, ਠੇਡਾ ਖਾ ਕੇ। ਡੋਲਿ—ਡੋਲ ਕੇ। ਕਤਹੀ—ਕਿਤੇ ਭੀ। ਜਾਣਏ—ਜਾਣੈ, ਡੂੰਘੀ ਸਾਂਝ ਪਾਂਦੀ ਹੈ। ਆਧਾਰੁ—ਆਸਰਾ। ਤਾਣੁ—ਬਲ, ਸਹਾਰਾ। ਤਕੀਆ—ਆਸਰਾ। ਤੇਰਓ—ਤੇਰਾ ਹੀ। ਸਾਚਿ—ਸਦਾ-ਥਿਰ ਪ੍ਰਭੂ ਵਿਚ। ਸੂਚਾ—ਸੁੱਚੇ ਜੀਵਨ ਵਾਲਾ। ਝਗਰੁ—(ਮਾਇਆ ਦੇ ਮੋਹ ਦੀ) ਖਹ—ਖਹ। ਨਿਬੇਰਓ—ਮੁਕਾ ਲੈਂਦਾ ਹੈ।੪।
ਅਰਥ: ਹੇ ਪ੍ਰਭੂ-ਦਰ ਤੇ ਪਹੁੰਚੀ ਹੋਈ ਜੀਵ-ਇਸਤ੍ਰੀਏ! (ਜਿਸ ਪ੍ਰਭੂ ਨੇ ਤੈਨੂੰ ਆਪਣੇ ਚਰਨਾਂ ਵਿਚ ਜੋੜਿਆ ਹੈ, ਉਹ) ਭਗਤੀ ਨਾਲ ਪਿਆਰ ਕਰਨ ਵਾਲਾ ਹੈ। (ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਮਤਿ ਉੱਤੇ ਤੁਰ ਕੇ (ਪ੍ਰਭੂ ਦੀ ਭਗਤੀ ਕਰਦੀ ਹੈ, ਉਸ ਦੇ) ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, (ਉਹ ਦਾ ਮਨੁੱਖਾ) ਸਰੀਰ ਸਫਲ ਹੋ ਜਾਂਦਾ ਹੈ।
(ਜਿਹੜੀ ਜੀਵ-ਇਸਤ੍ਰੀ ਆਪਣੇ) ਮਨ ਨੂੰ ਵੱਸ ਵਿਚ ਕਰ ਕੇ ਆਤਮਕ ਆਨੰਦ ਹਾਸਲ ਕਰਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ (ਜੀਵਨ ਵਿਚ) ਕਾਮਯਾਬ ਹੁੰਦੀ ਹੈ ਸਾਰੇ ਜਗਤ ਦੇ ਮਾਲਕ ਪ੍ਰਭੂ ਨਾਲ ਉਹ ਸਾਂਝ ਪਾ ਲੈਂਦੀ ਹੈ। (ਉਸ ਦਾ ਮਨ) ਕਿਸੇ ਭੀ ਹੋਰ ਪਾਸੇ ਵਲ ਡੋਲਦਾ ਨਹੀਂ, ਉਹ (ਹਰ ਵੇਲੇ) ਆਪਣੇ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਈ ਰੱਖਦੀ ਹੈ।
ਹੇ ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ (ਹੀ) ਮੇਰਾ ਖਸਮ ਹੈਂ, ਮੈਨੂੰ ਤੇਰਾ ਹੀ ਆਸਰਾ ਤੇਰਾ ਹੀ ਸਹਾਰਾ ਹੈ। ਹੇ ਨਾਨਕ! ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ (ਸਦਾ ਲੀਨ ਰਹਿੰਦਾ ਹੈ) ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ (ਉਹ ਮਨੁੱਖ ਆਪਣੇ ਅੰਦਰੋਂ ਮਾਇਆ ਦੇ ਮੋਹ ਦੀ) ਖਹ-ਖਹ ਮੁਕਾ ਲੈਂਦਾ ਹੈ।੪।੨।
SGGS Ang 843-44

Labels:

 
Posted by Puneet Kaur at 3:37 AM | Permalink |


0 comments:


Page copy protected against web site content infringement by Copyscape
Creative Commons License
This work by http://puneetkaur.blogspot.com is licensed under a Creative Commons Attribution-NonCommercial-NoDerivs 2.5 India License.

visitor counter