Wednesday, October 24, 2007
Aysee Kirpaa Mohey Karoh...
ਬਿਲਾਵਲੁ ਮਹਲਾ ੫ ॥ ਐਸੀ ਕਿਰਪਾ ਮੋਹਿ ਕਰਹੁ ॥ ਸੰਤਹ ਚਰਣ ਹਮਾਰੋ ਮਾਥਾ ਨੈਨ ਦਰਸੁ ਤਨਿ ਧੂਰਿ ਪਰਹੁ ॥੧॥ ਰਹਾਉ ॥ ਗੁਰ ਕੋ ਸਬਦੁ ਮੇਰੈ ਹੀਅਰੈ ਬਾਸੈ ਹਰਿ ਨਾਮਾ ਮਨ ਸੰਗਿ ਧਰਹੁ ॥ ਤਸਕਰ ਪੰਚ ਨਿਵਾਰਹੁ ਠਾਕੁਰ ਸਗਲੋ ਭਰਮਾ ਹੋਮਿ ਜਰਹੁ ॥੧॥ ਜੋ ਤੁਮ੍ਹ੍ਹ ਕਰਹੁ ਸੋਈ ਭਲ ਮਾਨੈ ਭਾਵਨੁ ਦੁਬਿਧਾ ਦੂਰਿ ਟਰਹੁ ॥ ਨਾਨਕ ਕੇ ਪ੍ਰਭ ਤੁਮ ਹੀ ਦਾਤੇ ਸੰਤਸੰਗਿ ਲੇ ਮੋਹਿ ਉਧਰਹੁ ॥੨॥੩॥੧੧੯॥
ਪਦਅਰਥ: ਮੋਹਿ—ਮੈਨੂੰ, ਮੇਰੇ ਉੱਤੇ। ਸੰਤਹ—ਸੰਤਾਂ ਦੇ। ਹਮਾਰੋ—ਮੇਰੋ। ਤਨਿ—ਸਰੀਰ ਉੱਤੇ। ਪਰਹੁ—ਪਾ ਦਿਉ।੧।ਰਹਾਉ।
ਕੋ—ਦਾ। ਹੀਅਰੈ—ਹਿਰਦੇ ਵਿਚ। ਬਾਸੈ—ਵੱਸਦਾ ਰਹੇ। ਮਨ ਸੰਗਿ—ਮਨ ਦੇ ਨਾਲ, ਜਿੰਦ ਦੇ ਨਾਲ। ਤਸਕਰ—ਚੋਰ। ਨਿਵਾਰਹੁ—ਕੱਢ ਦਿਉ। ਠਾਕੁਰ—ਹੇ ਠਾਕੁਰ! ਸਗਲੇ—ਸਾਰਾ। ਹੋਮਿ—ਹਵਨ ਵਿਚ। ਜਰਹੁ—ਜਾਰਹੁ, ਸਾੜੋ।੧।
ਭਲ—ਭਲਾ, ਚੰਗਾ। ਮਾਨੈ—(ਮੇਰਾ ਮਨ) ਮੰਨ ਲਏ। ਭਾਵਨੁ—ਭਾਉਣਾ, ਚੰਗਾ ਲੱਗਣਾ। ਭਾਵਨੁ ਦੁਬਿਧਾ—ਦੁਬਿਧਾ ਚੰਗੀ ਲੱਗਣੀ। ਦੁਬਿਧਾ—ਮੇਰ—ਤੇਰ, ਵਿਤਕਰਾ। ਟਰਹੁ—ਟਾਲ ਦਿਉ। ਪ੍ਰਭ—ਹੇ ਪ੍ਰਭੂ! ਸੰਗਿ—ਸੰਗਤਿ ਵਿਚ। ਲੇ—ਲੈ ਕੇ, ਰੱਖ ਕੇ। ਮੋਹਿ—ਮੈਨੂੰ। ਉਧਰਹੁ—(ਤਸਕਰਾਂ ਤੋਂ) ਬਚਾ ਲਵੋ।੨।
ਅਰਥ: ਹੇ ਪ੍ਰਭੂ! ਮੇਰੇ ਉਤੇ ਇਹ ਮੇਹਰ ਕਰ ਕਿ ਸੰਤਾਂ ਦੇ ਚਰਨਾਂ ਉਤੇ ਮੇਰਾ ਮੱਥਾ (ਸਿਰ) ਪਿਆ ਰਹੇ, ਮੇਰੀਆਂ ਅੱਖਾਂ ਵਿਚ ਸੰਤ ਜਨਾਂ ਦਾ ਦਰਸਨ ਟਿਕਿਆ ਰਹੇ, ਮੇਰੇ ਸਰੀਰ ਉਤੇ ਸੰਤਾਂ ਦੇ ਚਰਨਾਂ ਦੀ ਧੂੜ ਪਾਈ ਰੱਖੋ।੧।ਰਹਾਉ।
(ਹੇ ਪ੍ਰਭੂ! ਮੇਰੇ ਉਤੇ ਇਹ ਮੇਹਰ ਕਰੋ-) ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿਚ (ਸਦਾ) ਵੱਸਦਾ ਰਹੇ, ਹੇ ਹਰੀ! ਆਪਣਾ ਨਾਮ ਮੇਰੇ ਮਨ ਵਿਚ ਟਿਕਾਈ ਰੱਖ। ਹੇ ਠਾਕੁਰ! (ਮੇਰੇ ਅੰਦਰੋਂ ਕਾਮਾਦਿਕ) ਪੰਜੇ ਚੋਰ ਕੱਢ ਦੇ, ਮੇਰੀ ਸਾਰੀ ਭਟਕਣਾ ਅੱਗ ਵਿਚ ਸਾੜ ਦੇ।੧।
(ਹੇ ਪ੍ਰਭੂ! ਮੇਰੇ ਉਤੇ ਇਹ ਮੇਹਰ ਕਰ-) ਜੋ ਕੁਝ ਤੂੰ ਕਰਦਾ ਹੈਂ, ਉਸੇ ਨੂੰ (ਮੇਰਾ ਮਨ) ਚੰਗਾ ਮੰਨੇ। (ਹੇ ਪ੍ਰਭੂ! ਮੇਰੇ ਅੰਦਰੋਂ) ਵਿਤਕਰਿਆਂ ਦਾ ਚੰਗਾ ਲੱਗਣਾ ਕੱਢ ਦੇ। ਹੇ ਪ੍ਰਭੂ! ਤੂੰ ਹੀ ਨਾਨਕ ਨੂੰ ਸਭ ਦਾਤਾਂ ਦੇਣ ਵਾਲਾ ਹੈਂ। (ਨਾਨਕ ਦੀ ਇਹ ਅਰਜ਼ੋਈ ਹੈ-) ਸੰਤਾਂ ਦੀ ਸੰਗਤਿ ਵਿਚ ਰੱਖ ਕੇ ਮੈਨੂੰ (ਨਾਨਕ ਨੂੰ ਕਾਮਾਦਿਕ ਤਸਕਰਾਂ ਤੋਂ) ਬਚਾ ਲੈ।੨।੩।੧੧੯।
SGGS Ang 828
Labels: Shabad